ਲੁਧਿਆਣਾ: ਮੋਬਾਇਲ ਚੋਰੀ ਦੀ ਰਿਪੋਰਟ ਲਿਖਵਾਉਣ ਚੌਕੀ ‘ਚ ਗਏ ਬੈਂਕ ਮੈਨੇਜਰ ਦੀ ਪੁਲਿਸ ਮੁਲਾਜ਼ਮਾਂ ਨੇ ਕੁੱਟਮਾਰ ਕੀਤੀ। ਜਾਣਕਾਰੀ ਦਿੰਦਿਆਂ ਸਿਵਲ ਸਿਟੀ ਦੇ ਰਹਿਣ ਵਾਲੇ ਹੇਮੰਤ ਕੁਮਾਰ ਨੇ ਦੱਸਿਆ ਕਿ ਉਸ ਦੀ ਪਤਨੀ ਰੇਖਾ ਗਰਭਵਤੀ ਹੈ। ਸ਼ੁੱਕਰਵਾਰ ਨੂੰ ਆਪਣਾ ਚੈੱਕਅਪ ਕਰਵਾਉਣ ਹਸਪਤਾਲ ਮਾਂ ਸੁਮਿੱਤਰਾ ਦੇਵੀ ਨਾਲ ਆਈ ਸੀ, ਜਿਥੇ ਉਨ੍ਹਾਂ ਦਾ ਮੋਬਾਇਲ ਚੋਰੀ ਹੋ ਗਿਆ।
ਜਦ ਦੋਵੇਂ ਰਿਪੋਰਟ ਲਿਖਵਾਉਣ ਡੀ.ਐੱਮ.ਸੀ. ਨੇੜਲੀ ਚੌਂਕੀ ਗਈਆਂ ਤਾਂ ਉੱਥੇ ਤਾਇਨਾਤ ਮੁਲਾਜ਼ਮਾਂ ਨੇ ਰਿਪੋਰਟ ਲਿਖਣ ਤੋਂ ਇਨਕਾਰ ਕਰ ਦਿੱਤਾ ਅਤੇ ਸੁਵਿਧਾ ਸੈਂਟਰ ਜਾਣ ਦੀ ਗੱਲ ਕਹੀ। ਕਾਫੀ ਮਿੰਨਤਾਂ ਕਰਨ ਤੋਂ ਬਾਅਦ ਖਾਨਾਪੂਰਤੀ ਲਈ ਸ਼ਿਕਾਇਤ ਲਿਖ ਲਈ। ਮੋਬਾਇਲ ਦੀ ਗਲਤ ਵਰਤੋਂ ਨਾ ਹੋਵੇ, ਇਸ ਲਈ ਉਹ ਹਲਵਾਰਾ ਸਥਿਤ ਬ੍ਰਾਂਚ ਤੋਂ ਛੁੱਟੀ ਲੈ ਕੇ ਤੁਰੰਤ ਚੌਂਕੀ ਆਇਆ।
ਹੇਮੰਤ ਦਾ ਦੋਸ਼ ਹੈ ਕਿ ਉਥੇ ਮੌਜੂਦ ਮੁਲਾਜ਼ਮ ਕਮਰਿਆਂ ‘ਚ ਬੈਠ ਕੇ ਦਿਨ ‘ਚ ਹੀ ਸ਼ਰਾਬ ਪੀ ਰਹੇ ਸਨ। ਸ਼ਿਕਾਇਤ ਬਾਰੇ ਪੁੱਛਣ ‘ਤੇ ਉਸ ਨਾਲ ਗਾਲੀ-ਗਲੋਚ ਕਰਨ ਲੱਗੇ। ਜਦ ਉਸ ਨੇ ਮੁਲਾਜ਼ਮਾਂ ਦੀ ਵੀਡੀਓ ਬਣਾਉਣ ਲਈ ਮੋਬਾਇਲ ਆਨ ਕੀਤਾ ਤਾਂ ਉਸ ਕੋਲੋਂ ਮੋਬਾਇਲ ਖੋਹ ਕੇ ਗਾਲ੍ਹਾਂ ਕੱਢਣ ਲੱਗੇ।
ਇਸ ਦੌਰਾਨ ਇਕ ਹੋਰ ਮੁਲਾਜ਼ਮ ਡੰਡਾ ਲੈ ਕੇ ਆਇਆ ਅਤੇ ਉਸ ਨਾਲ ਕੁੱਟਮਾਰ ਸ਼ੁਰੂ ਕਰ ਦਿੱਤੀ। ਥਾਣਾ ਡਵੀਜ਼ਨ ਨੰ. 8 ਦੇ ਇੰਚਾਰਜ ਸਬ-ਇੰਸਪੈਕਟਰ ਪਵਨ ਕੁਮਾਰ ਅਨੁਸਾਰ ਉਨ੍ਹਾਂ ਕੋਲ ਸ਼ਿਕਾਇਤ ਆਈ ਹੈ। ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ।
