ਗੁਰਦਾਸਪੁਰ: ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ 3 ਸਿੱਖ ਰੈਜੀਮੈਂਟ ਦੇ ਫੌਜੀਆਂ ਨੂੰ ਸੰਬੋਧਨ ਕਰਦੇ ਹੋਏ ਐਲਨ ਕੀਤਾ ਕਿ ਪੰਜਾਬ ਸਰਕਾਰ 1897 ਨੂੰ 12 ਸਤੰਬਰ ਵਾਲੇ ਦਿਨ ਹੋਈ ਇਤਿਹਾਸਕ ਸਾਰਾਗੜੀ ਜੰਗ ਦੇ ਸੰਦਰਭ ਵਿਚ 12 ਸਤੰਬਰ ਸਾਰਾਗੜੀ ਦਿਵਸ ਵਜੋਂ ਮਨਾਵੇਗੀ। ਉਥੇ ਹੀ ਕੈਪਟਨ ਅਮਰਿੰਦਰ ਸਿੰਘ ਆਜ਼ਾਦੀ ਦਿਵਸ ਦੇ ਮੌਕੇ ’ਤੇ ਆਪਣੀ ਰੈਜੀਮੈਂਟ ਦੇ ਸਾਥੀਆਂ ਨਾਲ ਰਾਤ ਗੁਜਾਰਨ ਲਈ ਗਏ ਸਨ।ਫਿਰੋਜ਼ਪੁਰ ਜ਼ਿਲੇ ਦੇ ਸਾਰਾਗੜੀ ਗੁਰਦੁਆਰਾ ਵਿਖੇ 12 ਸਤੰਬਰ, 2017 ਨੂੰ ਰਾਜ ਪੱਧਰੀ ਸਮਾਰੋਹ ਮਨਾਇਆ ਜਾਵੇਗਾ ਜਿਸ ਦੀ ਪ੍ਰਧਾਨਗੀ ਵਿੱਤ ਮੰਤਰੀ ਮਨਪ੍ਰੀਤ ਸਿੰਘ ਬਾਦਲ ਕਰਨਗੇ ਕਿਉਂਕਿ ਉਸ ਦਿਨ ਮੁੱਖ ਮੰਤਰੀ ਲੰਡਨ ਵਿਖੇ ਹੋਣਗੇ ਜਿੱਥੇ ਉਹ ਸਾਰਾਗੜੀ ਜੰਗ ਸਮਾਰੋਹ ਦੇ ਹਿੱਸੇ ਵਜੋਂ ਸਾਰਾਗੜੀ ਬਾਰੇ ਆਪਣੀ ਕਿਤਾਬ ਰਲੀਜ ਕਰਨਗੇ।

ਮੁੱਖ ਮੰਤਰੀ ਨੇ 12 ਸਤੰਬਰ ਨੂੰ ਇਸ ਦਿਵਸ ਮੌਕੇ ਰਾਜ ਪੱਧਰੀ ਛੁੱਟੀ ਕਰਨ ਦਾ ਐਲਾਨ ਕੀਤਾ ਹੈ, ਜੋ ਇਸ ਸਾਲ ਤੋਂ ਸ਼ੁਰੂ ਹੋ ਕੇ ਹਰ ਸਾਲ ਹੋਇਆ ਕਰੇਗੀ।ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਵਾਲੇ ਮੰਤਰੀ ਮੰਡਲ ਨੇ ਇਸ ਸਾਲ ਅਪ੍ਰੈਲ ਵਿਚ ਸਾਰਾਗੜੀ ਯਾਦਗਾਰ/ਗੁਰਦੁਆਰਾ ਦੇ ਪ੍ਰਬੰਧ ਦਾ ਕੰਮ ਸਾਰਾਗੜੀ ਯਾਦਗਾਰ ਪ੍ਰਬੰਧਕ ਟਰੱਸਟ, ਫਿਰੋਜ਼ਪੁਰ ਨੂੰ ਪ੍ਰਸ਼ਾਸਨ ਦਾ ਕੰਮ ਸੌਂਪਣ ਦਾ ਫੈਸਲਾ ਕੀਤਾ ਸੀ ਤਾਂ ਜੋ ਇਸ ਇਤਿਹਾਸਕ ਸਥਾਨ ਦੇ ਵਧੀਆ ਤਰੀਕੇ ਨਾਲ ਰੱਖ ਰਖਾਓ ਨੂੰ ਯਕੀਨੀ ਬਣਾਇਆ ਜਾ ਸਕੇ।ਇਸ ਟਰੱਸਟ ਵਿਚ ਫੌਜ ਵਿਚ ਸੇਵਾ ਕਰਦੇ ਫੌਜੀ, ਸਾਬਕਾ ਫੌਜੀ ਸ਼ਾਮਲ ਕੀਤੇ ਗਏ ਹਨ ਜਿਨਾਂ ਨੂੰ ਮੰਤਰੀ ਮੰਡਲ ਨੇ ਫਿਰੋਜ਼ਪੁਰ ਜ਼ਿਲੇ ਦੇ ਫਿਰੋਜ਼ਪੁਰ ਛਾਉਣੀ ਵਿਖੇ ਸਥਾਪਤ ਇਸ ਇਤਿਹਾਸਕ ਸਥਾਨ ਦੀ ਸਾਂਭ ਸੰਭਾਲ ਵਾਸਤੇ ਸਭ ਤੋਂ ਵਧੀਆ ਮੰਨਿਆ ਹੈ।

ਕੈਪਟਨ ਅਮਰਿੰਦਰ ਸਿੰਘ ਨੇ ਇਹ ਵੀ ਐਲਾਨ ਕੀਤਾ ਸੀ ਕਿ ਉਨਾਂ ਦੀ ਸਰਕਾਰ 12 ਸਤੰਬਰ, 1897 ਨੂੰ ਹੋਈ ਇਤਿਹਾਸਕ ਸਾਰਾਗੜੀ ਜੰਗ ਬਾਰੇ ਆਪਣੀ ਕਿਤਾਬ ਦੀ ਘੁੰਡ ਚੁਕਾਈ ਸਮਾਰੋਹ ਮੌਕੇ ਇਸ ਗੁਰਦੁਆਰੇ ਦੀ ਸਾਂਭ ਸੰਭਾਲ ਦਾ ਕੰਮ ਟਰੱਸਟ ਦੇ ਹਵਾਲੇ ਕਰਨ ਦੀ ਇੱਛਾ ਰੱਖਦੀ ਹੈ।ਇਸ ਤਰੀਕ ’ਤੇ ਹਵਾਲਦਾਰ ਈਸਰ ਸਿੰਘ ਦੀ ਕਮਾਂਡ ਹੇਠ 21 ਜਵਾਨ ਅਤੇ ਇਕ ਐਨ.ਸੀ.ਓ ਸੈਂਕੜੇ ਕਬਾਇਲੀਆਂ ਦੀ ਮਾਰਨ ਤੋਂ ਬਾਅਦ ਸ਼ਹੀਦ ਹੋ ਗਏ ਸਨ। ਇਨਾਂ ਕਬਾਇਲੀਆਂ ਨੇ ਸਾਰਾਗੜੀ ਦੀ ਇਸ ਚੌਂਕੀ ਉੱਤੇ ਹਮਲਾ ਕੀਤਾ ਸੀ।ਬਿ੍ਰਟਿਸ਼ ਸਰਕਾਰ ਨੇ 21 ਫੌਜੀਆਂ ਨੂੰ ਸ਼ਹੀਦ ਕਰਾਰ ਦਿੱਤਾ ਸੀ ਜੋ ਕਿ 36 ਸਿੱਖ ਰੈਜੀਮੈਂਟ ਨਾਲ ਸਬੰਧਤ ਸਨ। ਇਨਾਂ ਨੂੰ ਸਭ ਤੋਂ ਉੱਚੇ ਜੰਗੀ ਸਨਮਾਨ ‘‘ਇੰਡੀਅਨ ਆਰਡਰ ਆਫ ਮੈਰਿਟ ਗਰੇਡ-॥’’ ਨਾਲ ਸਨਮਾਨਿਆ ਗਿਆ ਸੀ। ਇਹ ਦਿਨ ਹਰ ਸਾਲ 12 ਸਤੰਬਰ ਨੂੰ ਗੁਰਦੁਆਰਾ ਸਾਰਾਗੜੀ ਸਾਹਿਬ ਵਿਖੇ ਮਨਾਇਆ ਜਾਂਦਾ ਹੈ। ਇਸ ਤੋਂ ਇਲਾਵਾ ਗੁਰਬਾਣੀ ਅਤੇ ਕੀਰਤਨ ਦਰਬਾਰ ਵੀ ਸਮੇਂ-ਸਮੇਂ ਸਾਰਾਗੜੀ ਗੁਰਦੁਆਰਾ ਵਿਖੇ ਆਯੋਜਿਤ ਕਰਵਾਇਆ ਜਾਂਦਾ ਹੈ।

Like what you read? Give eawaaz newspaper a round of applause.

From a quick cheer to a standing ovation, clap to show how much you enjoyed this story.