ਸਤਿਕਾਰਯੋਗ ਮਾਤਾਜੀ ਅਤੇ ਪਿਤਾਜੀ, ਦਾਦਾਜੀ ਅਤੇ ਦਾਦੀਜੀ, ਨਾਨਾਜੀ ਅਤੇ ਨਾਨੀਜੀ, ਚਾਚਾ ਅਤੇ ਚਾਚੀ ਜੀ,

Letters For Black Lives
6 min readJun 10, 2020

--

ਇਹ ਹੈ “ਲੈਟਰਜ਼ ਫੋਰ ਬਲੈਕ ਲਾਈਫਜ਼” ਵਾਸਤੇ ਪੰਜਾਬੀ ਵਿੱਚ ਲਿੱਖੀ ਹੋਈ ਚਿੱਠੀ। “ਲੈਟਰਜ਼ ਫੋਰ ਬਲੈਕ ਲਾਈਫਜ਼” ਇਕ ਜਾਰੀ ਪਰਾਜੈਕਟ ਹੈ ਜਿਸ ਦੇ ਵਿੱਚ ਲੋਕ ਆਪਣੀ ਬੋਲੀ ਵਿੱਚ ਚਿੱਠੀਆਂ ਤੇ ਹੋਰ ਵੀ ਬਹੁਤ ਚੀਜ਼ਾਂ ਦਾ ਉਲਥਾ ਕਰਦੇ ਹਨ “ਬਲੈਕ ਲਾਈਫਜ਼ ਮੈਟਰ” ਦੇ ਹੱਕ ਵਿੱਚ। ਇਹ ਚਿੱਠੀ ਸੈਂਕੜੇ ਲੋਕਾਂ ਵੱਲੋਂ ਲਿੱਖੀ ਗਈ ਹੈ ਜਿਹੜੇ ਆਪਣੇ ਮਾਂ ਪਿਉ ਨਾਲ ਇਸ ਸਮੱਸਿਆ ਬਾਰੇ ਗੱਲ ਕਰਨੀ ਚਾਹੁੰਦੇ ਹਨ।

ਅਸੀਂ ਤੁਹਾਡੇ ਨਾਲ ਦੇਸ਼ ਵਿੱਚ ਹੋ ਰਹੇ ਰੋਸ ਮੁਜ਼ਾਹਰਿਆਂ ਬਾਰੇ ਗੱਲ ਕਰਨੀ ਚਾਹੁੰਦੇ ਹਾਂ।

ਸ਼ਾਇਦ ਤੁਹਾਡੇ ਜੀਵਨ ਵਿੱਚ ਬਹੁਤ ਸਾਰੇ ਕਾਲੇ ਦੋਸਤ, ਸਹਿਕਰਮੀ, ਜਾਂ ਜਾਣੂ ਨਹੀਂ ਹਨ। ਪਰ ਇਹ ਕਾਲੇ ਲੋਕ ਸਾਡੀ ਜ਼ਿੰਦਗੀ ਦਾ ਇੱਕ ਬੁਨਿਆਦੀ ਤੇ ਅਹਿਮ ਹਿੱਸਾ ਹਨ। ਇਹ ਸਾਡੇ ਦੋਸਤ, ਸਾਡੇ ਸਹਿਪਾਠੀ, ਸਾਡੀ ਟੀਮ ਦੇ ਸਾਥੀ, ਸਾਡੇ ਰੂਮਮੇਟ, ਸਾਡੇ ਗੁਆਂਢੀ, ਸਾਡੇ ਪਰਿਵਾਰ ਵਾਂਗ ਹਨ। ਅਸੀਂ ਉਨ੍ਹਾਂ ਲਈ ਡਰੇ ਹੋਏ ਹਾਂ ਅਤੇ ਗੁੱਸੇ ਵਿੱਚ ਹਾਂ ਕਿ ਅਸੀਂ ਇੱਕ ਸਮਾਜ ਵਜੋਂ ਕਿਸ ਤਰ੍ਹਾਂ ਦਾ ਵਰਤਾਉ ਕਰ ਰਹੇ ਹਾਂ।

ਸਾਲ 2019 ਵਿੱਚ, ਅਮਰੀਕੀ ਪੁਲਿਸ ਨੇ 1000 ਤੋਂ ਵੱਧ ਲੋਕਾਂ ਦੀ ਹੱਤਿਆ ਕੀਤੀ। ਉਨ੍ਹਾਂ ਵਿੱਚੋਂ 24% ਕਾਲੇ ਸਨ, ਹਾਲਾਂ ਕਿ ਕਾਲੇ ਲੋਕ ਆਬਾਦੀ ਦਾ ਸਿਰਫ 13% ਹਿੱਸਾ ਹਨ । ਇਹ ਇਸ ਲਈ ਨਹੀਂ ਹੈ ਕਿ ਕਾਲੇ ਲੋਕ ਵਧੇਰੇ ਜੁਰਮ ਕਰਦੇ ਹਨ, ਪਰ ਇਸ ਲਈ ਕਿ ਉਹਨਾਂ ਦੇ ਰੰਗ ਕਾਰਨ ਉਹਨਾਂ ਨਾਲ ਭੇਦ-ਭਾਵ ਕੀਤਾ ਜਾਂਦਾ ਹੈ ਅਤੇ ਦੂਜਿਆਂ ਨਾਲੋਂ ਕਠੋਰ ਸਜਾਵਾਂ ਦਿੱਤੀਆਂ ਜਾਂਦੀਆਂ ਹਨ। ਇਸ ਸਾਲ, ਕੋਵਿਡ-19 ਕਾਰਨ ਦੇਸ਼ ਬੰਦ ਹੋਣ ਅਤੇ ਬਹੁਤ ਸਾਰੇ ਲੋਕਾਂ ਦੇ ਘਰ ਰਹਿਣ ਦੇ ਬਾਵਜੂਦ ਵੀ ਪੁਲਿਸ ਵੱਲੋ ਕਤਲੇਆਮ ਜਾਰੀ ਹੈ।

25 ਮਈ 2020 ਨੂੰ ਮਿਨੀਸੋਟਾ ਵਿਚ ਇਕ ਗੋਰੇ ਪੁਲਿਸ ਅਧਿਕਾਰੀ ਨੇ ਜਾਰਜ ਫਲਾਇਡ ਨਾਮ ਦੇ ਇਕ ਕਾਲੇ ਵਿਅਕਤੀ ਨੂੰ ਲਗਭਗ 9 ਮਿੰਟ ਤਕ ਉਸਦੀ ਗਰਦਨ ‘ਤੇ ਗੋਡਾ ਰੱਖ ਕੇ ਮਾਰ ਦਿੱਤਾ। ਜਾਰਜ ਫਲਾਇਡ ਦੇ ਵਾਰ-ਵਾਰ ਕਹਿਣ ਦੇ ਬਾਵਜੂਦ ਵੀ,ਕਿ ਉਸ ਨੂੰ ਸਾਹ ਨਹੀੰ ਆ ਰਿਹਾ, ਉਸ ਦੀਆਂ ਮਿੰਨਤਾਂ ਤਰਲੇ ਨੂੰ ਨਜ਼ਰਅੰਦਾਜ਼ ਕੀਤਾ ਗਿਆ। ਬਾਕੀ ਗੋਰੇ ਪੁਲਿਸ ਮੁਲਾਜ਼ਮਾਂ ਨੇ ਵੀ ਫਲਾਇਡ ਨੂੰ ਫੜ੍ਹ ਕੇ ਰੱਖਿਆ ਸੀ, ਇੱਕ ਏਸ਼ੀਅਨ ਪੁਲਿਸ ਅਧਿਕਾਰੀ ਕੋਲੇ ਖਲੋਤਾ ਸਭ ਵੇਖਦਾ ਰਿਹਾ ਅਤੇ ਕੋਈ ਦਖਲਅੰਦਾਜ਼ੀ ਨਹੀਂ ਕੀਤੀ। ਫਲਾਇਡ ਇਕੱਲੇ ਨਹੀਂ ਹਨ: ਸਿਰਫ ਇਸ ਸਾਲ ਵਿਚ, ਪੁਲਿਸ ਨੇ ਇੰਡੀਆਨਾ ਦਾ ਡਰੈਸਜੋਨ ਰੀਡ, ਫਲੋਰੀਡਾ ਦੀ ਟੋਨੀ ਮਕਡੇਡ, ਕੈਂਟੱਕੀ ਦੀ ਬਰੇਓਨਾ ਟੇਲਰ ਨੂੰ ਮਾਰ ਦਿੱਤਾ ਸੀ। ਜੌਰਜੀਆ ਵਿੱਚ ਸਥਾਨਕ ਪੁਲਿਸ ਲਈ ਕੰਮ ਕਰਨ ਵਾਲੇ ਇੱਕ ਗੋਰੇ ਸਾਬਕਾ ਕਰਮਚਾਰੀ ਵੱਲੋਂ ਸਿਰਫ ਭੱਜਦੇ ਹੋਏ ਅਹਮਦ ਆਰਬਰੀ ਨੂੰ ਫਰਵਰੀ ਵਿੱਚ ਮਾਰ ਦਿੱਤਾ ਗਿਆ ਸੀ।

ਕਾਲੇ ਲੋਕਾਂ ਦੇ ਨਾਲ ਇੰਨਾ ਅੱਤਿਆਚਾਰ ਕਰਨ ਤੋ ਬਾਅਦ ਵੀ ਪੁਲਿਸ ਨੂੰ ਸਜ਼ਾ ਦਾ ਸਾਹਮਣਾ ਨਹੀਂ ਕਰਨਾ ਪੈਂਦਾ। ਅਤੇ ਇਹ ਸਿਰਫ ਉਹੀ ਕੇਸ ਹਨ ਜੋ ਅਸੀਂ ਮੀਡੀਆ ਵਿੱਚ ਵੇਖਦੇ ਹਾਂ। ਜ਼ਰਾ ਸੋਚ ਕੇ ਦੇਖੋ ਕਿ ਕਿੰਨੀਆਂ ਹੋਰ ਘਟਨਾਵਾਂ ਹੋਣਗੀਆਂ ਜੋ ਰਿਕਾਰਡ ਨਹੀਂ ਹੁੰਦੀਆਂ, ਅਤੇ ਕਿਸੇ ਵੀ ਤਰ੍ਹਾਂ ਦੇ ਸਬੂਤ ਦੀ ਅਣਹੋਂਦ ਵਿੱਚ ਉਹ ਲੁਕੀਆਂ ਰਹਿ ਜਾਂਦੀਆਂ ਹਨ।

ਕਾਲੇ ਅਮਰੀਕਨ, ਜਿਨ੍ਹਾਂ ਦੀ ਅਸੀਂ ਦਿਲੋਂ ਪ੍ਰਵਾਹ ਕਰਦੇ ਹਾਂ, ਇਸ ਡਰਾਉਣੀ ਹਕੀਕਤ ਨਾਲ ਰੋਜ਼ਾਨਾ ਆਪਣੀ ਜ਼ਿੰਦਗੀ ਬਤੀਤ ਕਰਦੇ ਹਨ।

ਹੁਣ ਸ਼ਾਇਦ ਤੁਸੀਂ ਸੋਚ ਰਹੇ ਹੋਵੋਗੇ : ਅਸੀਂ ਬਿਨਾਂ ਕਿਸੇ ਭੇਦਭਾਵ ਦੇ ਅਤੇ ਬਿਨਾਂ ਕਿਸੇ ਦਾ ਧਿਆਨ ਖਿੱਚੇ ਹੋਏ, ਅਮਰੀਕਾ ਵਿੱਚ ਆਪਣੇ ਆਪ ਲਈ ਚੰਗੀ ਜ਼ਿੰਦਗੀ ਬਣਾਉਣ ਵਿੱਚ ਕਾਮਯਾਬ ਹੋ ਗਏ, ਤਾਂ ਉਹ ਕਿਉਂ ਨਹੀਂ ਕਰ ਸਕਦੇ?

ਅਸੀਂ ਤੁਹਾਡੇ ਨਾਲ ਇਸ ਸਾਰੇ ਮਾਮਲੇ ਪ੍ਰਤੀ ਆਪਣਾ ਨਜ਼ਰੀਆ ਸਾਂਝਾ ਕਰਨਾ ਚਾਹੁੰਦੇ ਹਾਂ। ਕਿਉਂਕਿ ਸਾਡੇ ਦਿਲ ਵਿੱਚ ਪਰਿਵਾਰ ਅਤੇ ਕੌਮ ਦੇ ਵਡੇਰਿਆਂ ਲਈ ਪਿਆਰ ਅਤੇ ਸਤਿਕਾਰ ਹੈ, ਸਾਡੀ ਦਿਲੀ ਤਮੰਨਾ ਹੈ ਕਿ ਅਸੀਂ ਸਾਰੇ ਕਿਵੇਂ ਆਪਣੀ ਜ਼ਿੰਦਗੀ ਅਤੇ ਸੋਚ ਵਿੱਚ ਬਦਲਾਅ ਲਿਆ ਕੇ ਕਾਲੇ ਅਮਰੀਕਨਾਂ ਅਤੇ ਪੂਰੇ ਸਮਾਜ ਦੀ ਤਰੱਕੀ ਵਿੱਚ ਹਿੱਸਾ ਪਾ ਸਕਦੇ ਹਾਂ।

ਇਹ ਸੱਚ ਹੈ ਕਿ ਸਾਨੂੰ ਇਸ ਦੇਸ਼ ਵਿਚ ਵਿਤਕਰੇ ਦਾ ਵੀ ਸਾਹਮਣਾ ਕਰਨਾ ਪੈਂਦਾ ਹੈ। ਕਈ ਵਾਰ ਲੋਕ ਸਾਡੀ ਬੋਲੀ, ਲਹਿਜ਼ੇ, ਸੱਭਿਆਚਾਰ ਅਤੇ ਪਛਾਣ ਦਾ ਮਖੌਲ ਉਡਾਉਂਦੇ ਹਨ, ਜਾਂ ਤਰੱਕੀਆਂ ਰੋਕ ਦਿੰਦੇ ਹਨ ਕਿਉਂਕਿ ਉਨ੍ਹਾਂ ਨੂੰ ਅਸੀਂ ਅਗਵਾਈ ਕਰਨ ਦੇ ਕਾਬਿਲ ਨਹੀਂ ਲੱਗਦੇ । ਸਾਡੇ ਭਾਈਚਾਰਿਆਂ ਨੂੰ ਗ਼ਰੀਬੀ ਜਾਂ ਬਿਮਾਰੀ, ਅੱਤਵਾਦ ਜਾਂ ਅਪਰਾਧ ਲਿਆਉਣ ਲਈ ਬੇਇਨਸਾਫੀ ਨਾਲ ਦੋਸ਼ੀ ਠਹਿਰਾਇਆ ਗਿਆ ਹੈ। ਸਾਡੇ ਪੰਜਾਬੀ ਭਾਈਚਾਰੇ ਅਤੇ ਗੁਰਦੁਆਰਿਆਂ ਉੱਤੇ ਵੀ ਨਸਲਵਾਦੀ ਗੋਰੇ ਲੋਕਾਂ ਦੁਆਰਾ ਨਫਰਤੀ ਹਮਲੇ ਹੁੰਦੇ ਹਨ। ਇਹ ਉਦਾਹਰਣ ਉਸੇ ਹੀ ਹਿੰਸਾ ਨਾਲ ਜੁੜ੍ਹੀਆਂ ਹਨ ਜੋ ਕਾਲੇ ਭਾਈਚਾਰੇ ਨੂੰ ਤੰਗ ਕਰਦੀ ਹੈ — ਅਸੀਂ ਉਸੇ ਹੀ ਬਦੀ ਦੇ ਵਿਰੁੱਧ ਲੜ ਰਹੇ ਹਾਂ। ਹੁਣ ਦੇਖਣਾ ਹੈ ਕਿ ਅਸੀਂ ਅਜਿਹਾ ਕਰਨ ਵਿਚ ਆਪਣੇ ਆਪ ਨੂੰ ਕਿਵੇਂ ਇਕਜੁੱਟ ਕਰ ਸਕਦੇ ਹਾਂ?

ਜ਼ਿਆਦਾਤਰ ਜਦੋਂ ਅਸੀਂ ਸੜਕ ‘ਤੇ ਤੁਰਦੇ ਹਾਂ, ਲੋਕ ਸਾਨੂੰ ਇਕ ਖ਼ਤਰਾ ਨਹੀਂ ਸਮਝਦੇ। ਜਦੋਂ ਅਸੀਂ ਆਂਢ-ਗੁਆਂਢ ਵਿਚ ਘੁੰਮ ਰਹੇ ਹਾਂ ਜਾਂ ਘਰ ਵਿਚ ਅਰਾਮ ਕਰ ਰਹੇ ਹਾਂ ਤਾਂ ਪੁਲਿਸ ਬੰਦੂਕਾਂ ਲੈ ਕੇ ਸਾਨੂੰ ਮਾਰਨ ਨਹੀਂ ਆਵੇਗੀ । ਉਹ ਸਾਨੂੰ ਜ਼ਮੀਨ ‘ਤੇ ਨਹੀਂ ਸੁੱਟਣਗੇ, ਸਾਡੀ ਗਰਦਨ ‘ ਤੇ ਗੋਡੇ ਨਹੀਂ ਰੱਖਣਗੇ ਅਤੇ ਸਾਨੂੰ ਝੂਠੇ ਕੇਸਾਂ ਵਿੱਚ ਨਹੀਂ ਫਸਾਉਣਗੇ ।

ਅਸੀਂ ਇਹ ਮੰਨਦੇ ਵੱਡੇ ਹੋਏ ਹਾਂ ਕਿ ਸਮਾਜ ਅਤੇ ਕਨੂੰਨ ਦੀ ਨਜ਼ਰ ਵਿੱਚ ਸਾਰੇ ਬਰਾਬਰ ਹਨ, ਅਤੇ ਰੰਗ, ਨਸਲ, ਧਰਮ, ਜਾਤ ਆਦਿ ਦੇ ਆਧਾਰ ‘ਤੇ ਕੋਈ ਵੱਡਾ-ਛੋਟਾ ਨਹੀਂ। ਸਾਡੀ ਸੋਚ ਇਹ ਹੈ ਕਿ ਕਨੂੰਨ ਸਾਡੇ ਪੱਖ ਵਿੱਚ ਹੋਵੇਗਾ, ਅਤੇ ਅਸੀਂ ਕਾਲੇ ਨਾਗਰਿਕਾਂ ਨਾਲੋਂ ਕਿਸੇ ਤਰ੍ਹਾਂ ‘ਭਿੰਨ’ ਜਾਂ ‘ਬਿਹਤਰ’ ਹਾਂ।

ਇਤਹਾਸ ਵੇਖੋ। ਬਹੁਤ ਸਾਰੇ ਕਾਲੇ ਲੋਕਾਂ ਨੂੰ ਗੁਲਾਮੀ ਵਿੱਚ ਵੇਚ ਦਿੱਤਾ ਗਿਆ ਅਤੇ ਉਨ੍ਹਾਂ ਦੀ ਇੱਛਾ ਦੇ ਵਿਰੁੱਧ ਇੱਥੇ ਅਮਰੀਕਾ ਲਿਆਂਦਾ ਗਿਆ ਸੀ। ਸਦੀਆਂ ਤੋਂ, ਉਨ੍ਹਾਂ ਦੇ ਭਾਈਚਾਰੇ, ਪਰਿਵਾਰਾਂ ਅਤੇ ਜ਼ਿੰਦਗੀਆਂ ਨੂੰ ਮੁਨਾਫ਼ੇ ਲਈ ਵਰਤਿਆ ਗਿਆ ਹੈ। ਗੁਲਾਮੀ ਦੀ ਪ੍ਰਥਾ ਖਤਮ ਹੋਣ ਤੋਂ ਬਾਅਦ ਵੀ, ਸਰਕਾਰ ਨੇ ਉਨ੍ਹਾਂ ਨੂੰ ਆਪਣੀ ਜ਼ਿੰਦਗੀ ਜਿਉਣ ਦੀ ਆਗਿਆ ਨਹੀਂ ਦਿੱਤੀ। ਕਾਲੇ ਅਮਰੀਕਨਾਂ ਨੂੰ ਕਾਨੂੰਨੀ ਤੌਰ ‘ਤੇ ਵੋਟ ਪਾਉਣ, ਸਿੱਖਿਆ ਪ੍ਰਾਪਤ ਕਰਨ ਜਾਂ ਆਪਣੇ ਘਰਾਂ ਅਤੇ ਕਾਰੋਬਾਰਾਂ ਦੇ ਦੇ ਹੱਕਾਂ ਤੋਂ ਵਾਂਝੇ ਰੱਖਿਆ ਗਿਆ । ਇਹ ਅਸਮਾਨਤਾਵਾਂ ਪੁਲਿਸ ਅਤੇ ਜੇਲ੍ਹਾਂ ਦੁਆਰਾ ਲਾਗੂ ਕੀਤੀਆਂ ਜਾਂਦੀਆਂ ਹਨ| ਬੁਨਿਆਦੀ ਤੌਰ ‘ਤੇ ਗੋਰਿਆਂ ਨੇ ਕਾਲਿਆਂ ਨੂੰ ਗੁਲਾਮ ਰੱਖਣ ਲਈ ਪੁਲਿਸ ਬਣਾਈ ਸੀ। ਉਨ੍ਹਾਂ ਨੂੰ ਆਜ਼ਾਦੀ ਦੇ ਅਧਿਕਾਰ ਮਿਲਣ ਤੋਂ ਬਾਦ ਵੀ ਇਹ ਜ਼ੁਲਮ ਖਤਮ ਨਹੀਂ ਹੋਇਆ, ਬਸ ਇਸ ਦਾ ਰੂਪ ਬਦਲ ਗਿਆ ਹੈ।

ਕਾਲੇ ਲੋਕਾਂ ਦੇ ਸਮਾਜ ਸੁਧਾਰਕਾਂ ਨੇ ਸਿਰਫ਼ ਆਪਣੇ ਲਈ ਨਹੀਂ, ਦੂਜੇ ਸਾਰੇ ਲੋਕਾਂ ਦੇ ਅਧਿਕਾਰਾਂ ਲਈ ਵੀ ਲੜਾਈ ਕੀਤੀ ਹੈ। ਉਨ੍ਹਾਂ ਨੂੰ ਉਸ ਲਈ ਕੁੱਟਿਆ ਗਿਆ, ਜੇਲ੍ਹਾਂ ਵਿਚ ਸੁੱਟਿਆ ਗਿਆ। ਉਨ੍ਹਾਂ ਦੇ ਸਮਾਜਿਕ ਸੁਧਾਰਕਾਂ ਦੁਆਰਾ ਇਮੀਗ੍ਰੇਸ਼ਨ ਦੇ ਕਾਨੂੰਨਾਂ ਤੇ ਨਸਲੀ ਵਿਤਕਰੇ ਦੀ ਲੜਾਈ ਕਰਕੇ ਸਾਨੂੰ ਵੀ ਸਹਾਇਤਾ ਮਿਲੀ ਹੈ। ਪਰ ਗੋਰਿਆਂ ਦਾ ਬੁਰਾ ਵਰਤਾਉ ਸਾਨੂੰ ਇਕ ਦੂਜੇ ਦੇ ਵਿਰੁੱਧ ਭੜਕਾਉਂਦਾ ਹੈ

ਪਹਿਲਾਂ ਨਾਲੋਂ ਕਾਲਿਆਂ ਤੇ ਦੂਜੀਆਂ ਨਸਲਾਂ ਨੂੰ ਹੋਰ ਅਧਿਕਾਰ ਮਿਲੇ ਤਾਂ ਹਨ, ਪਰ ਫੇਰ ਵੀ ਪੱਖਪਾਤੀ ਗੋਰਿਆਂ ਦਾ ਸਿਸਟਮ ਅਜੇ ਵੀ ਜ਼ੁਲਮ ਕਰਕੇ ਜਿੱਤ ਜਾਂਦਾ ਹੈ।

ਅਸੀਂ ਸਮਝਦੇ ਹਾਂ ਕਿ ਤੁਸੀਂ ਹੋ ਰਹੀ ਲੁੱਟ ਅਤੇ ਜਾਇਦਾਦ ਦੀ ਤਬਾਹੀ ਅਤੇ ਆਪਣੀ ਹਿਫਾਜ਼ਤ ਸੁਰੱਖਿਆ ਬਾਰੇ ਚਿੰਤਤ ਹੋ। ਪਦਾਰਥਕ ਚੀਜ਼ਾਂ ਬਦਲਣ ਯੋਗ ਹਨ, ਪਰ ਮਨੁੱਖੀ ਜਾਨਾਂ ਬੇਸ਼ਕੀਮਤੀ ਹੁੰਦੀਆਂ ਹਨ । ਸ਼ਾਂਤਮਈ, ਨਿਹੱਥੇ ਵਿਰੋਧੀਆਂ ਉੱਤੇ ਮਿਰਚਾਂ ਦੀ ਸਪਰੇਅ, ਅੱਥਰੂ ਗੈਸ, ਡਾਂਗਾਂ ਅਤੇ ਰਬੜ ਦੀਆਂ ਗੋਲੀਆਂ ਦੀ ਵਰਤੋਂ ਕੀਤੀ ਜਾ ਰਹੀ ਹੈ। ਪ੍ਰੈਸ ਨੂੰ ਗ੍ਰਿਫਤਾਰ ਕੀਤਾ ਜਾ ਰਿਹਾ ਹੈ। ਇਸਦੇ ਉਲਟ, ਜਦੋਂ ਗੈਰ-ਕਾਲਾ ਅਮਰੀਕਨਾਂ ਦੀ ਭੀੜ ਕੁਝ ਹਫਤੇ ਪਹਿਲਾਂ ਸਮਾਜਿਕ ਦੂਰੀ ਦੇ ਪਰੋਟੋਕਾਲਾਂ ਦਾ ਵਿਰੋਧ ਕਰਨ ਲਈ ਇਕੱਠੀ ਹੋਈ ਸੀ ਅਤੇ ਇਥੋਂ ਤਕ ਕਿ ਸਰਕਾਰੀ ਇਮਾਰਤਾਂ ਵਿੱਚ ਕਨੂੰਨ ਦੇ ਵਿਰੁੱਧ ਬੰਦੂਕਾਂ ਵੀ ਲੈ ਕੇ ਵੜੇ, ਪੁਲਿਸ ਨੇ ਇਹ ਹਿੰਸਾ ਦਾ ਕੋਈ ਜਵਾਬ ਨਹੀਂ ਦਿੱਤਾ। ਅਸੀਂ ਤੁਹਾਨੂੰ ਮੁਜ਼ਾਹਰਿਆਂ ਦੇ ਕਾਰਨਾਂ ‘ਤੇ ਧਿਆਨ ਕੇਂਦ੍ਰਤ ਕਰਨ ਦੀ ਬੇਨਤੀ ਕਰਦੇ ਹਾਂ। ਉਹ ਕਾਲੇ ਲੋਕਾਂ ਵਿਰੁੱਧ ਸਦੀਆਂ ਦੀ ਪੁਲਿਸ ਦੀ ਬੇਰਹਿਮੀ ਨਾਲ ਹੋਏ ਸਾਰੇ ਦਰਦ ਅਤੇ ਗੁੱਸੇ ਦੇ ਸਿੱਟੇ ਹਨ। ਸਾਨੂੰ ਵਰਤਮਾਨ ਪਲ ਤੋਂ ਇਲਾਵਾ ਇਸ ਦੇਸ਼ ਵਿਚ ਨਸਲੀ ਬੇਇਨਸਾਫੀ ਅਤੇ ਪੁਲਿਸ ਦੀ ਬੇਰਹਿਮੀ ਦੇ ਲੰਬੇ ਇਤਿਹਾਸ ਵੱਲ ਵੇਖਣਾ ਚਾਹੀਦਾ ਹੈ ਤਾਂ ਜੋ ਇਸ ਗੱਲ ਨੂੰ ਸਮਝਾਇਆ ਜਾ ਸਕੇ ਕਿ ਅਸੀਂ ਅੱਜ ਕੀ ਦੇਖ ਰਹੇ ਹਾਂ।

ਇਨ੍ਹਾਂ ਸਾਰੇ ਕਾਰਨਾਂ ਕਰਕੇ ਅਸੀਂ ਇਸ ਸਮੇਂ ਪੂਰੇ ਅਮਰੀਕਾ ਵਿੱਚ ਬਲੈਕ ਲਾਈਵਜ਼ ਮੈਟਰ ਲਹਿਰ ਅਤੇ ਵਿਰੋਧ ਪ੍ਰਦਰਸ਼ਨ ਦਾ ਸਮਰਥਨ ਕਰਦੇ ਹਾਂ। ਇਸ ਸਮਰਥਨ ਦਾ ਮਤਲਬ ਹੈ ਕਿ ਸਾਡੇ ਪੰਜਾਬੀ ਪਰਿਵਾਰ ਵੀ ਜੋ ਕਾਲੇ ਲੋਕਾਂ ਬਾਰੇ ਪੱਖਪਾਤੀ ਸੋਚ ਰੱਖਦੇ ਹਨ, ਉਸ ਨੂੰ ਬਦਲਣ ਦੀ ਲੋੜ ਹੈ।ਸਾਨੂੰ ਸਭ ਤੋਂ ਉੱਪਰ ਇਨਸਾਨੀਅਤ ਬਾਰੇ ਸੋਚਣਾ ਚਾਹੀਦਾ ਹੈ । ਅਸੀਂ ਨਹੀਂ ਚਾਹੁੰਦੇ ਕਿ ਇਹ ਮੁੱਦਾ ਸਾਨੂੰ ਆਪਸ ਵਿੱਚ ਵੰਡੇ । ਅਸੀਂ ਤੁਹਾਨੂੰ ਬੇਨਤੀ ਕਰ ਰਹੇ ਹਾਂ ਕਿ ਤੁਸੀਂ ਉਨ੍ਹਾਂ ਮਾਪਿਆਂ ਅਤੇ ਬੱਚਿਆਂ ਦੇ ਗੁੱਸੇ ਅਤੇ ਸੋਗ ਨਾਲ ਹਮਦਰਦੀ ਜਤਾਉਣ ਦੀ ਕੋਸ਼ਿਸ਼ ਕਰੋ,ਜਿਨ੍ਹਾਂ ਨੇ ਆਪਣੇ ਲਾਡਲਿਆਂ ਨੂੰ ਪੁਲਿਸ ਦੀ ਹਿੰਸਾ ਵਿਚ ਗੁਆ ਦਿੱਤਾ ਹੈ। ਸਾਨੂੰ ਸਮਾਜ ਦੇ ਹਰੇਕ ਵਰਗ ਤੇ ਮੂਲ ਦੇ ਲੋਕਾਂ ਦੇ ਬਰਾਬਰ ਹੱਕਾਂ ਦਾ ਸਮਰਥਨ ਕਰਨ ਦੇ ਨਾਲ-ਨਾਲ ਚੋਣਾਂ ਵਿੱਚ ਅਜਿਹੇ ਲੋਕਾਂ ਨੂੰ ਵੋਟ ਪਾਉਣੀ ਚਾਹੀਦੀ ਹੈ ਜੋ ਸਮਾਜਿਕ ਬਰਾਬਰੀ ਵਿੱਚ ਯਕੀਨ ਰੱਖਦੇ ਹੋਣ। ਇਸ ਨੂੰ ਆਪਣੇ ਦੋਸਤਾਂ ਨਾਲ ਸਾਂਝਾ ਕਰੋ ਤਾਂ ਕਿ ਉਹ ਵੀ ਇਸ ਸੋਚ ਨਾਲ ਸਹਿਮਤ ਹੋਣ ਤੇ ਅਸੀਂ ਸਾਰੇ ਸੱਚਮੁੱਚ ਆਜ਼ਾਦੀ ਦਾ ਅਨੰਦ ਲੈ ਸਕਦੇ ਹਾਂ।

ਇਨਾਂ ਕਾਰਨਾਂ ਨੂੰ ਮੁੱਖ ਰੱਖਦੇ ਹੋਏ ਅਸੀਂ ਉਮੀਦ ਕਰਦੇ ਹਾਂ ਕਿ ਤੁਸੀਂ ਸਾਡੀ ਬੇਨਤੀ ‘ਤੇ ਵਿਚਾਰ ਕਰੋਗੇ। ਅਸੀਂ ਸਾਰੇ ਇਸ ਵਿਚ ਇਕੱਠੇ ਹਾਂ, ਅਤੇ ਅਸੀਂ ਉਦੋਂ ਤਕ ਸੁਰੱਖਿਅਤ ਨਹੀਂ ਮਹਿਸੂਸ ਕਰ ਸਕਦੇ, ਜਦ ਤਕ ਸਾਡੇ ਸਾਰੇ ਦੋਸਤ, ਅਜ਼ੀਜ਼ ਅਤੇ ਗੁਆਂਢੀ ਸੁਰੱਖਿਅਤ ਨਹੀਂ ਹੁੰਦੇ। ਅਸੀਂ ਖਾਹਿਸ਼ ਕਰਦੇ ਹਾਂ ਅਮਰੀਕਾ ਉਹ ਜਗ੍ਹਾ ਹੋਵੇ ਜਿੱਥੇ ਅਸੀਂ ਸਾਰੇ ਪੁਲਿਸ ਦੀ ਬੇਰਹਿਮੀ ਦੇ ਡਰ ਤੋਂ ਬਿਨਾਂ ਜਿਉਂ ਸਕਦੇ ਹਾਂ। ਇਹ ਉਹ ਭਵਿੱਖ ਹੈ ਜੋ ਅਸੀਂ ਚਾਹੁੰਦੇ ਹਾਂ, ਅਤੇ ਉਮੀਦ ਕਰਦੇ ਹਾਂ ਕੀ ਤੁਸੀਂ ਵੀ ਇਹੋ ਚਾਹੁੰਦੇ ਹੋ। ਜੇ ਤੁਸੀਂ ਸਾਡੇ ਨਾਲ ਸ਼ਾਮਲ ਹੋਣ ਲਈ ਤਿਆਰ ਹੋ, ਤਾਂ ਇੱਥੇ ਕੁਝ ਤਰੀਕੇ ਹਨ ਜਿਸ ਨਾਲ ਅਸੀਂ ਆਪਣੇ ਕਾਲੇ ਗੁਆਂਢੀਆਂ ਦੀ ਮਦਦ ਕਰ ਸਕਦੇ ਹਾਂ: —

ਪਿਆਰ, ਸਤਿਕਾਰ, ਅਤੇ ਉਮੀਦ ਨਾਲ,

ਤੁਹਾਡੇ ਨੌਜਵਾਨ ਬੱਚੇ।

--

--

Letters For Black Lives

Letters for Black Lives: An Open Letter Project on Anti-Blackness.