ਅਕਸ

Gurpreet Brar
Gil gamesh
Published in
1 min readMar 11, 2015

--

ਮੈ ਪਾਣੀ ਨੂੰ ਪੁਛਿਆ
ਤੂੰ ਟਿਕਦਾ ਕਿੳੁ ਨਹੀ
ਮੈ ਚੂਲੀ ਭਰਦਾਂ
ਤੂੰ ਝੱਟ ਖਿਸਕ ਜਾਨੈ
ਚੁਲਕ ਚੁਲਕ ਕਰਕੇ
ਭੋਰਾ ਵਿਸਾਹ ਨੀ ਕਰਦਾ
ਮੈ ਤੈਨੂੰ ਖਾਂਦਾ ਤਾ ਨੀ
ਮੈ ਤਾ ਆਪਣਾ ਚੇਹਰਾ ਵੇਖਣਾ ਸੀ
ਸੁਣਿਆ ਤੂੰ ਪੜਿਆ ਲਿਖਿਆ ਏ
ਚਿਹਰੇ ਪੜ੍ਹ ਲੈਨੇ
ਦਿਖਾ ਦਿੰਦਾ
ਮੇਰਾ ਵੀ ਅਕਸ
ਕਿਤੇ ਨੱਕ ਤੋ ਤਾ ਨੀ ਡਰ ਗਿਆ
ਸ਼ੋਚਦਾ ਹੋਵੇਗਾ
ਕਦੋ ਦਾ ਉੱਠ ਦੇ ਬੁੱਲ ਵਾਂਗਰ ਲਟਕਦੈ
ਕਿਤੇ ਡਿੱਗ ਹੀ ਨਾ ਪਵੇ
ਡੁੱਬ ਜਾਵੇ
ਚੂਲੀ ਵਿੱਚ
ਲੈਣੇ ਦੇ ਦੇਣੇ ਪੈ ਜਾਣ

ਅੱਗੋ ਕਹਿਦਾ
ਮੈਨੂੰ ਨਹੀਂ ਪਸੰਦ
ਤੇਰੀ ਆਹ ਚੂਲੀ ਜਿਹੀ
ਤੈਨੂੰ ਆਪਣੇ ਅਕਸ ਦੀ ਪਈ ਆ
ਇਹ ਮੇਰਾ ਅਕਸ ਵਿਗਾੜਨ ਨੂੰ ਫਿਰਦੀ ਆ
ਮੈਨੂੰ ਆਪਣੇ ਵਰਗਾ ਬਨਾਉਣਾ ਚਾਹੁਦੀ ਆ
ਠੂਠੇ ਵਰਗਾ
ਮੈਂ ਨੀਂ ਬਣਦਾ
ਠੂਠੇ ਵਰਗਾ
ਕਿਤੇ ਕੀੜੀ ਆ ਜਾਵੇ
ਚੂਭੀ ਲੌਣ
ਦਰਿਆ ਸਮਝ ਕੇ
ਤੇ ਪਹੁੰਚ ਜੇ
ਨਰਾਇਣ ਦੇ ਘਰ

Originally published at scriptgrandeur.wordpress.com on January 8, 2015.

--

--