ਓ ‘ਊੜਾ’

ਦੱਸ ਕੀ ਕਰਾਂ ਤੇਰੇ ਊੜੇ ਦਾ
ਸਿਰ ਦੇ ਜਲੇਬੀ ਜੂੜੇ ਦਾ
ਜੇ ਮੂੰਹ ਖੋਲੇੰ ਤਾ ਪੁੱਛ ਲਵਾਂ
ਹਾਲ ਕੀ ਅੰਦਰ ਤੂੜੇ ਦਾ

ਕਿੱਥੇ ਲੱਗੇ ਸਿਹਾਰੀ ਬਿਹਾਰੀ
ਕਿੱਥੇ ਅਦਕ ਤੇ ਟਿੱਪੀ
ਕਿੰਜ ਉਤਾਰਾਂ ਆਰਤੀ ਇਸਦੀ
ਨਾ ਮੱਥੇ ਇਹਦੇ ਟਿੱਕੀ

ਕਿਥੇ ਲਾਵਾ ਲਾਂ ਦੁਲਾਂ
ਰੱਖੀ ਨਹੀ ਕੋਈ ਇਸ ਨੇ ਥਾਂ
ਨਾ ਹੋੜਾ ਨਾ ਕਨੌੜਾ
ਸਿਰ ਇਸਦੇ ਤੇ ਕਰਦਾ ਛਾਂ

ਜੇ ਔਕੁੜ ਹੇਠਾ ਲੱਗ ਜਾਵੇ
ਇਹ ਉ ਉ ਕਰਕੇ ਟੱਪਦਾ ਏ
ਜੇ ਦੋ-ਲੈਕੜ ਲੱਗ ਜਾਵਣ
ਤਾ ਅੰਦਰ ਖੌਰੂ ਪੱਟਦਾ ਏ

ਫਿਰ ਹਿੱਕੋੰ ਨਿਕਲੇ ਹੂਕ ਜਿਹੀ
ਜਿਵੇ ਰੂਹ ਦੀ ਨਿਕਲੇ ਫੂਕ ਜਿਹੀ
ਸਿਰ ਚੜ ਚੜ ਕੇ ਫਿਰ ਇਹ ਨਚਦਾ ਏ
ਬੱਸ ਇਕੋ ਹੀ ਨਾਂ ਜਪਦਾ ਏ

ਊੜਾ ਰੁਲ ਗਿਆ ਇਨਾਂ ਅੱਖਰਾ ਵਿੱਚ
ਇਹ ਮਾਸ ਮਿੱਟੀ ਦੇ ਪੱਥਰਾਂ ਵਿੱਚ
ਮੈ ਅਣਜਾਣਾ
ਦੱਸ ਕੀ ਜਾਣਾ
ਪਿਆਰ ਊੜੇ ਦੇ ਗੂੜੇ ਦਾ
ਰੱਖ ਸਿਰ ਤੇ ਟੋਕਰ ਕੂੜੇ ਦਾ

ਕਰ ਵਿਸਮਾਦ
ਕੋਈ ਛੇੜ ਰਾਗ
ਖੁੱਲ ਜਾਣ ਭਾਗ
ਕਿਤੇ ਸੁਣਜੇ ਨਾਦ
ਮੈਨੂੰ ਕੁਦਰਤ ਦੇ ਪੰਗੂੜੇ ਦਾ

ਦੱਸ ਕੀ ਕਰਾਂ ਤੇਰੇ ਊੜੇ ਦਾ
ਸਿਰ ਦੇ ਜਲੇਬੀ ਜੂੜੇ ਦਾ
ਜੇ ਮੂੰਹ ਖੋਲੇੰ ਤਾ ਪੁੱਛ ਲਵਾਂ
ਹਾਲ ਕੀ ਅੰਦਰ ਤੂੜੇ ਦਾ

Originally published at scriptgrandeur.wordpress.com on February 1, 2015.