ਕੌਣ ਸੀ

Gurpreet Brar
Gil gamesh
Published in
1 min readMar 11, 2015

--

ਕੌਣ ਸੀ ਓਹ
ਕਿਤਾਬ ਸੀ
ਕਾਤਿਬ ਸੀ
ਜੋ ਵੀ ਸੀ
ਸੱਚ ਦਾ
ਖਾਤਿਬ ਸੀ
ਕੁਦਰਤ ਦਾ
ਪੁਜਾਰੀ ਸੀ
ਕੁਦਰਤ ਨੂੰ ਹੀ
ਮੁਖਾਤਿਬ ਸੀ

ਘਰਬਾਰੀ ਸੀ
ਉਦਾਸੀ ਸੀ
ਧਰਤੀ ਦਾ
ਜਾਇਆ ਸੀ
ਜਾ ਕਿਸੇ
ਹੋਰ ਖੰਡ ਦਾ
ਵਾਸੀ ਸੀ
ਜੋ ਵੀ ਸੀ
ਰੂਹ ਉਸਦੀ
ਇਕੋ ਦੀ
ਪਿਆਸੀ ਸੀ

ਹੱਡ ਮਾਸ ਦਾ
ਪੁਤਲਾ ਸੀ
ਜਾ ਫੇਰ ਕੋਈ
ਪਾਉਣ ਸੀ
ਜੋ ਬੋਲਦਾ ਸੀ
ਕਵਿਤਾ ਸੀ
ਜਾਂ ਗਾਉਣ ਸੀ

ਓਹ ਤਾ
ਭਾਣੇ ਵਿੱਚ
ਰਹਿੰਦਾ ਸੀ
ਇਕੋ ਗੱਲ
ਕਹਿੰਦਾ ਸੀ
ਜੋ ਸੀ
ਅੰਦਰ ਸੀ
ਅੰਦਰ ਹੀ
ਮੰਦਰ ਸੀ

ਪਿੰਡ ਜੋ ਪਿੱਛੇ
ਛੱਡ ਗਿਆ ਸੀ
ਓਸਦਾ ਤਾ
ਕੋਈ ਹੋਰ ਹੀ
ਲੰਬੜ ਸੀ
ਓਸ ਨੇ ਤਾ
ਸਭ ਨੂੰ ਇੱਕ
ਕੀਤਾ ਸੀ
ਇਥੇ ਤਾਂ
ਹੋਰ ਹੀ
ਮੰਜਰ ਸੀ
ਇੱਕ ਤੋ ਦੋ
ਕਰਨ ਵਾਲਾ
ਖੰਜਰ ਸੀ
ਭੁੱਖੇ ਤਾ
ਅਜੇ ਵੀ
ਭੁੱਖੇ ਸੀ
ਰੱਜਿਆਂ ਲਈ
ਲੰਗਰ ਸੀ

ਓਸ ਨੂੰ ਤਾਂ
ਉੱਚੀ ਉੱਚੀ
ਪੜਦੇ ਸੀ
ਜਦੋ ਵੀ
ਕੱਠੇ ਹੋ
ਖੜਦੇ ਦੀ
ਕਾਤਿਬ
ਬਾਰੇ ਤਾ
ਇਹੋ ਗੱਲਾਂ
ਕਰਦੇ ਸੀ

ਸਿਰ ਉਸਦੇ
ਪਗੜੀ ਸੀ
ਜਾ ਟੋਪੀ ਸੀ
ਤੇੜ ਚਾਦਰਾ ਸੀ
ਜਾ ਧੋਤੀ ਸੀ
ਭੁੱਲ ਗਿਆ ਏ
ਕਿਹੜਾ ਸੀ
ਸਚ ਓਸਦਾ
ਜੋ ਹੈ ਸੀ
ਹੋਸੀ ਸੀ

ਜੋ ਫੁੱਲ ਉਸ
ਬੀਜਿਆ ਸੀ
ਓਹ ਤਾ ਹੁਣ
ਕਦੇ ਕਦੇ ਹੀ
ਉਗਦਾ ਸੀ
ਪਿੱਛੇ ਤਾ
ਪੋਹਲੀ
ਕੰਡਿਆਲਾ ਹੀ
ਪੁਗਦਾ ਸੀ

--

--