ਲਾਲ ਸਿਆਹੀ

ਮੈਂ ਓਹ ਸਿਆਹੀ ਨਹੀ

ਜਿਸ ਨਾਲ ਤੂੰ ਰੋਜ ਲਿਖਦੈਂ

ਤੂੰ ਭਾਵੇ ਮੈਨੂੰ ਸਿਆਹੀ ਕਹਿ

ਪਰ ਮੇਰਾਂ ਰੰਗ ਅੱਜ ਲਾਲ ਹੈ

ਮੈਨੂੰ ਨਹੀ ਚੰਗਾ ਲਗਦਾ

ਦੁਆਤ ਵਿੱਚ ਰਹਿਣਾ

ਚੁੱਪ ਚਪੀਤੇ ਰਗਾਂ ਵਿੱਚ ਵਹਿਣਾ

ਓਹ ਵਹੀਣਾ ਵੀ ਕੋਈ

ਵਹਿਣਾ ਹੋਇਆ

ਜੇ ਖੌਲਿਆ ਹੀ ਨਾ

ਤਾ ਮੈਨੂੰ ਖੂੰਨ ਕਿਸ ਆਖਣੈ

ਮੈਨੂੰ ਤਾ ਵਹਿਣਾ ਚੰਗਾ ਲਗਦੈ

ਨਦੀ ਬਣ ਕੇ

ਮੈਨੂੰ ਨੀ ਸਮਝ ਆਉਂਦੀਆਂ

ਆਹ ਤੇਰੀਆਂ ਬੁਝਾਰਤਾਂ ਜੀਆਂ

ਸਿੱਧੀ ਤਰਾਂ ਦੱਸ

ਤੂੰ ਗੰਡਾਸਾ ਚੱਕਦੈ

ਤੁਰਦੈ ਮੇਰੇ ਨਾਲ ਨੱਕੇ ਮੋੜਣ

ਕੇ ਪਹਿਲਾਂ ਲਾਹਾਂ ਗਾਟਾ

ਕਰਾਂ ਤੇਰੀ ਸਪਲਾਈ ਬੰਦ

ਰੱਖਾਂ ਤੈਨੂੰ ਤਲੀ ਏ

ਮੈਂ ਨੀ ਸੁਣਦਾ ਤੈਨੂੰ

ਮਾਸ ਦੇ ਲੋਥੜੇ ਜਿਹੇ ਨੂੰ

ਤੂੰ ਖੋਪੜ ਵਿੱਚ ਲੁਕਿਆ ਰਹਿਨੈ

ਸਾਜਸ਼ਾ ਰਚਦਾ ਰਹਿੰਦੈ

ਭਟਕਾ ਦਿਨੈ

ਮੈਨੂੰ ਮੇਰੇ ਇਸਟ ਤੋ

ਮੈਂ ਨੀ ਜਾਣਦਾ

ਤੇਰੀ ਬੋਲੀ

ਮੈ ਤਾ ਸਿਰਫ ਓਸੇ ਦੀ ਸੁਣਦੈ

ਜਿਹੜਾ ਰਹਿੰਦੈ

ਛਾਤੀ ਅੰਦਰ

ਧੱਕ ਧੱਕ ਕਰਦੈ

ਹਰ ਛਿਣ ਹਰ ਪਲ

ਮਰਦਾਨਗੀ ਦੀ ਹਾਮੀ ਭਰਦੈ

ਲਾਉਂਦੇ ਮੇਰੇ ਹੇਠਾਂ ਵੀ ਝੋਕਾ

ਦਿੰਦੈ ਉਬਾਲੇ ਤੇ ਉਬਾਲਾ

ਮੈਨੂੰ ਨੀ ਸਮਝ ਆਉਂਦੀ ਤੇਰੀ ਭਾਸ਼ਾ

ਮੇਰੀ ਭਾਸ਼ਾ ਵਿੱਚ ਸ਼ਬਦ ਨਹੀ ਹੁੰਦੇ

ਮੇਰੀ ਭਾਸ਼ਾ ਅੱਖਰ ਤੋ ਸ਼ੁਰੂ ਹੁੰਦੀ ਆ

ਤੇ ਅਦਬ ਨਾਲ ਖਤਮ ਹੁੰਦੀ ਆ

ਮੈਂ ਨੀ ਜਾਣਦਾ ਤੇਰੀ ਪੈਂਤੀ ਨੂੰ

ਓਹੀ ਜਿਹੜੀ ਊੜੇ ਤੋ ਸ਼ੁਰੂ ਹੁੰਦੀ ਆ

ਮੈਨੂੰ ਤਾ ਆੜੇ ਦਾ ਪਤਾ

ਆੜਾ ਅਕਾਰ

ਆੜਾ ਅਦਬ

ਆੜਾ ਅਣਖ

ਆੜਾ ਅੱਖਰ

ਆੜਾ ਅੰਨਾਂ ਹੈ ਤੂੰ

ਆੜਾ ਅੱਖਰ ਨਹੀ ਦਿਖਦਾ

ਸ਼ਬਦ ਹੋਵੇਗਾ ਤੇਰੇ ਲਈ

ਤੈਨੂੰ ਦਿਸਦਾ ਹੋਵੇਗਾ

ਸ਼ਬਦ ਦੇ ਪਿੱਛੇ ਲੁਕਿਆ

ਕੋਈ ਨਿਰ ਅਕਾਰ

ਮੇਰੇ ਲਈ ਇਹੋ ਹੈ ਸਭ ਕੁੱਝ

ਮੈਨੂੰ ਓਹੋ ਦਿਖਦਾ

ਜੋ ਆੜਾ ਅੱਖਾਂ ਮੂਹਰੇ ਆ

ਇੱਥੇ ਅਕਾਰ ਨੂੰ ਵੈਰੀ ਤੋ ਭਓ ਆ

ਤੈਨੂੰ ਨਿਰ-ਅਕਾਰ

ਨਿਰ-ਭਓ

ਨਿਰ-ਵੈਰ

ਦੀਆਂ ਗੱਲਾਂ ਸੁਝਦੀਆਂ

ਛੱਡ ਊੜੇ ਦਾ ਖਹਿੜਾ

ਐਵੇ ਪਹਲੀ ਪੱਕੀ ਤੇ ਹੀ ਬੈਠੈਂ

ਆਜਾ ਮੇਰੇ ਨਾਲ ਚੱਲ

ਸਾਡੇ ਸਕੂਲ ਪਹਿਲ਼ੀ ਫੇਲ ਨੂੰ

ਸ਼ਰਤੀਆ ਦਸਵੀ ਪਾਸ ਕਰਾਉਂਦੇ ਆ

ਆਜਾ ਚੱਲ ਮੇਰੇ ਨਾਲ

ਲਿਖ ਮੇਰੇ ਨਾਲ

ਲਾਲ ਸਿਆਹੀ ਨਾਲ ਲਿਖ

ਲਿਖ ਆੜਾ ਆਪਣਾ ਅੰਤ

ਆੜਾ ਅਣਖ ਦਿਖਾ

ਵੇਖੀ ਕਿਵੇਂ ਲੋਕਾ ਕਹਿਣੈ

ਆੜਾ ਅੱਤ ਕਰਤੀ